WorkSafeBC Home

ਐਸਬੈਸਟਸ ਦੇ ਕੰਮ ਸੰਬੰਧੀ ਨਵੀਆਂ ਸ਼ਰਤਾਂ 1 ਜਨਵਰੀ 2024 ਤੋਂ ਲਾਗੂ ਹੋ ਰਹੀਆਂ ਹਨ

ਕਾਮਿਆਂ ਨੂੰ ਐਸਬੈਸਟਸ ਦੇ ਖ਼ਤਰੇ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਲਈ WorkSafeBC (ਵਰਕਸੇਫ ਬੀ.ਸੀ.) ਵੱਲੋਂ ਐਸਬੈਸਟਸ ਘਟਾਉਣ (ਅਬੇਟਮੈਂਟ) ਦੇ ਕੰਮ ਲਈ ਲਾਜ਼ਮੀ ਸਿਖਲਾਈ ਅਤੇ ਲਾਇਸੈਂਸਿੰਗ ਲਾਗੂ ਕੀਤੀ ਜਾ ਰਹੀ ਹੈ। 1 ਜਨਵਰੀ, 2024 ਤੋਂ ਤੁਹਾਡੇ ਘਰ ਵਿੱਚ ਐਸਬੈਸਟਸ ਘਟਾਉਣ ਦਾ ਕੰਮ ਕਰਨ ਵਾਲੇ ਕਿਸੇ ਵੀ ਕੌਨਟ੍ਰੈਕਟਰ ਕੋਲ ਇਸ ਕੰਮ ਨੂੰ ਕਰਨ ਲਈ ਲਾਇਸੰਸ ਹੋਣਾ ਲਾਜ਼ਮੀ ਹੈ।

ਬੀ.ਸੀ. ਵਿੱਚ ਐਸਬੈਸਟਸ ਘਟਾਉਣ ਦੇ ਕੰਮ ਲਈ ਲਾਇਸੰਸ-ਸ਼ੁਦਾ ਕੌਨਟ੍ਰੈਕਟਰਾਂ ਦੀ ਰਜਿਸਟਰੀ ਵਾਸਤੇ ਸਾਡੀ ਵੈੱਬਸਾਈਟ ’ਤੇ ਜਾਓ। ਲਾਇਸੰਸ-ਸ਼ੁਦਾ ਕੌਨਟ੍ਰੈਕਟਰ ਲੱਭੋ।

ਰੈਨੋਵੇਸ਼ਨ ਕਰਨ ਜਾਂ ਘਰ ਢਾਹੁਣ ਤੋਂ ਪਹਿਲਾਂ ਆਪਣੇ ਘਰ ਵਿੱਚ ਐਸਬੈਸਟਸ ਦੀ ਮੌਜੂਦਗੀ ਬਾਰੇ ਜਾਂਚ ਕਰਵਾਓ

ਐਸਬੈਸਟਸ ਦੇ ਸੰਪਰਕ ਵਿੱਚ ਆਉਣਾ ਬੀ.ਸੀ. ਵਿੱਚ ਕਾਮਿਆਂ ਦੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਣ ਹੈ। 3,000 ਤੋਂ ਵੱਧ ਘਰੇਲੂ ਸਮੱਗਰੀਆਂ ਵਿੱਚ ਹਾਨੀਕਾਰਕ ਐਸਬੈਸਟਸ ਫਾਈਬਰ ਮੌਜੂਦ ਹੁੰਦੇ ਹਨ। ਘਰ ਦੇ ਮਾਲਕ ਵਜੋਂ, ਤੁਹਾਨੂੰ ਰੈਨੋਵੇਸ਼ਨ ਜਾਂ ਘਰ ਢਾਹੁਣ ਦੇ ਪ੍ਰੌਜੈੱਕਟ ਤੋਂ ਪਹਿਲਾਂ ਆਪਣੇ ਘਰ ਨੂੰ ਐਸਬੈਸਟਸ ਵਾਸਤੇ ਟੈਸਟ ਕਰਵਾਉਣ ਦੀ ਲੋੜ ਹੁੰਦੀ ਹੈ। ਇਹ ਪ੍ਰੌਜੈੱਕਟ 'ਤੇ ਕੰਮ ਕਰਨ ਵਾਲੇ ਹਰੇਕ ਵਿਅਕਤੀ ਦੀ ਸਿਹਤ ਅਤੇ ਸੁਰੱਖਿਆ, ਅਤੇ ਨਾਲ ਹੀ ਤੁਹਾਡੇ ਪਰਿਵਾਰ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ।

ਐਸਬੈਸਟਸ ਕੀ ਹੈ ਅਤੇ ਇਹ ਖ਼ਤਰਨਾਕ ਕਿਉਂ ਹੈ?

ਐਸਬੈਸਟਸ ਇੱਕ ਖਣਿਜ ਹੈ ਜਿਸ ਨੂੰ ਅੱਗ ਤੋਂ ਸੁਰੱਖਿਆ ਅਤੇ ਤਪਸ਼ ਅਤੇ ਸ਼ੋਰ ਵਿਰੁੱਧ ਇਨਸੂਲੇਸ਼ਨ ਲਈ 1950 ਤੋਂ 1990 ਤਕ 3,000 ਤੋਂ ਵੱਧ ਨਿਰਮਾਣ ਸਮੱਗਰੀਆਂ ਵਿੱਚ ਵਰਤਿਆ ਜਾਂਦਾ ਸੀ। ਜਦੋਂ ਐਸਬੈਸਟਸ ਵਾਲੀਆਂ ਸਮੱਗਰੀਆਂ ਨਾਲ ਛੇੜ-ਛਾੜ ਹੁੰਦੀ ਹੈ, ਤਾਂ ਐਸਬੈਸਟਸ ਫਾਈਬਰ ਹਵਾ ਵਿੱਚ ਰਲ਼ ਸਕਦੇ ਹਨ। ਹਵਾ ਵਿੱਚ ਰਲ਼ੀ ਐਸਬੈਸਟਸ ਦੇ ਸੰਪਰਕ ਵਿੱਚ ਆਉਣ ਨਾਲ ਤੁਹਾਡੀ ਪ੍ਰਾਪਰਟੀ 'ਤੇ ਕੰਮ ਕਰਨ ਵਾਲੇ ਜਾਂ ਰਹਿਣ ਵਾਲੇ ਵਿਅਕਤੀਆਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਐਸਬੈਸਟਸ ਦੇ ਸੰਪਰਕ ਵਿੱਚ ਆਉਣਾ ਬੀ.ਸੀ. ਵਿੱਚ ਕਾਮਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਣ ਹੈ ਅਤੇ ਸਾਲ 2022 ਦੌਰਾਨ ਇਸ ਕਰਕੇ ਕੰਮ ਨਾਲ ਸੰਬੰਧਤ 61 ਮੌਤਾਂ ਹੋਈਆਂ ਸਨ ਜੋ ਕਿ ਪੂਰੇ ਸਾਲ ਦੌਰਾਨ ਕੰਮ ਨਾਲ ਸੰਬੰਧਤ ਮੌਤਾਂ ਦਾ ਲਗਭਗ 33 ਪ੍ਰਤੀਸ਼ਤ ਹੈ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੇ ਘਰ ਵਿੱਚ ਐਸਬੈਸਟਸ ਹੈ?

ਘਰ ਵਿੱਚ ਐਸਬੈਸਟਸ ਹੋਣ ਬਾਰੇ ਜਾਣਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਅਕਸਰ ਇਸ ਨੂੰ ਹੋਰ ਸਮੱਗਰੀਆਂ ਨਾਲ ਮਿਲਾਇਆ ਹੁੰਦਾ ਹੈ। ਪਰ, ਜੇ ਤੁਸੀਂ 1990 ਤੋਂ ਪਹਿਲਾਂ ਬਣਿਆ ਘਰ ਰੈਨੋਵੇਟ ਕਰ ਰਹੇ ਹੋ ਜਾਂ ਢਾਹ ਰਹੇ ਹੋ ਤਾਂ ਇਹ ਸੰਭਾਵਨਾ ਹੈ ਕਿ ਘਰ ਦੇ ਘੱਟੋ-ਘੱਟ ਕੁਝ ਹਿੱਸਿਆਂ ਵਿੱਚ ਐਸਬੈਸਟਸ ਹੋਵੇਗੀ। ਜੇ ਇਸ ਤੋਂ ਨਵੇਂ ਘਰ ਪੁਰਾਣੇ ਸਮਾਨ ਨਾਲ ਬਣੇ ਹੋਣ ਤਾਂ ਉਨ੍ਹਾਂ ਵਿੱਚ ਵੀ ਐਸਬੈਸਟਸ ਹੋ ਸਕਦੀ ਹੈ। ਇਸ ਲਈ ਇਹ ਮਹੱਤਵਪੂਰਣ ਹੈ ਕਿ ਯੋਗਤਾ ਪ੍ਰਾਪਤ ਕੌਨਟ੍ਰੈਕਟਰਾਂ ਤੋਂ ਕੰਮ ਕਰਵਾਇਆ ਜਾਵੇ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਐਸਬੈਟਸ ਦੀ ਭਾਲ ਕਿੱਥੇ ਕਰਨੀ ਹੈ ਅਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਘਟਾਉਣਾ ਹੈ।

ਐਸਬੈਸਟਸ ਨੂੰ ਸੁਰੱਖਿਅਤ ਢੰਗ ਨਾਲ ਘਟਾਉਣ ਲਈ ਮੈਨੰ ਕੀ ਕਰਨ ਦੀ ਲੋੜ ਹੈ?

ਰੈਨੋਵੇਸ਼ਨ ਜਾਂ ਘਰ ਢਾਹੁਣ ਦੇ ਕੰਮ ਦੌਰਾਨ ਐਸਬੈਸਟਸ ਨੂੰ ਸੁਰੱਖਿਅਤ ਢੰਗ ਨਾਲ ਘਟਾਉਣ ਲਈ, ਇਸ ਦੇ ਨਿਪਟਾਰੇ ਲਈ ਅਤੇ ਸਭ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਤੁਹਾਡੀ ਮਹੱਤਵਪੂਰਣ ਭੂਮਿਕਾ ਹੈ:

  1. 1

    ਲਾਇਸੰਸ-ਸ਼ੁਦਾ ਐਸਬੈਸਟਸ ਸਰਵੇਅਰ ਦੀਆਂ ਸੇਵਾਵਾਂ ਲਓ

    ਸਰਵੇਅਰ ਤੁਹਾਡੇ ਘਰ ਵਿੱਚ ਐਸਬੈਸਟਸ ਵਾਲੀਆਂ ਸੰਭਾਵੀ ਸਮੱਗਰੀਆਂ ਦਾ ਨਮੂਨਾ ਲਏਗਾ ਅਤੇ ਜਾਂਚ ਲਈ ਉਨ੍ਹਾਂ ਨੂੰ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇਗਾ। ਫਿਰ ਉਹ ਤੁਹਾਨੂੰ ਤੁਹਾਡੇ ਘਰ ਵਿੱਚ ਐਸਬੈਸਟਸ ਵਾਲੀਆਂ ਥਾਵਾਂ ਦੀ ਰਿਪੋਰਟ ਪ੍ਰਦਾਨ ਕਰੇਗਾ।

  2. 2

    ਐਸਬੈਸਟਸ ਵਾਲੀਆਂ ਸਮੱਗਰੀਆਂ ਨੂੰ ਕਾਬੂ ਵਿੱਚ ਰੱਖਣ ਜਾਂ ਹਟਾਉਣ ਲਈ ਐਸਬੈਸਟਸ ਘਟਾਉਣ ਵਾਲੇ ਲਾਇਸੰਸ-ਸ਼ੁਦਾ ਕੌਨਟ੍ਰੈਕਟਰ ਦੀਆਂ ਸੇਵਾਵਾਂ ਲਓ

    ਕੌਨਟ੍ਰੈਕਟਰ ਨੂੰ ਸਰਵੇਅਰ ਵੱਲੋਂ ਤਿਆਰ ਕੀਤੀ ਰਿਪੋਰਟ ਪ੍ਰਦਾਨ ਕਰੋ ਤਾਂ ਕਿ ਪਛਾਣੀਆਂ ਗਈਆਂ ਐਸਬੈਸਟਸ ਵਾਲੀਆਂ ਸਮੱਗਰੀਆਂ ਨੂੰ ਹਟਾਇਆ ਜਾਣਾ ਯਕੀਨੀ ਬਣਾਇਆ ਜਾ ਸਕੇ। ਇਹ ਕੰਮ ਪੂਰਾ ਹੋ ਜਾਣ ’ਤੇ ਐਸਬੈਸਟਸ ਘਟਾਉਣ (ਅਬੇਟਮੈਂਟ) ਕੌਨਟ੍ਰੈਕਟਰ ਵੱਲੋਂ ਤੁਹਾਨੂੰ ਇੱਕ ਰਿਪੋਰਟ ਪ੍ਰਦਾਨ ਕਰੇਗਾ ਜੋ ਇਹ ਗੱਲ ਦੀ ਪੁਸ਼ਟੀ ਕਰੇਗੀ ਕਿ ਸਾਰੀ ਐਸਬੈਸਟਸ ਨੂੰ ਜਾਂ ਤੇ ਕਾਬੂ ਕਰ ਲਿਆ ਗਿਆ ਹੈ ਜਾਂ ਹਟਾ ਦਿੱਤਾ ਗਿਆ ਹੈ, ਅਤੇ ਤੁਹਾਡੀ ਪ੍ਰਾਪਰਟੀ ਢਾਹੁਣ ਲਈ ਜਾਂ ਰੈਨੋਵੇਸ਼ਨ ਲਈ ਤਿਆਰ ਹੈ।

ਆਪਣੇ ਘਰ ਵਿੱਚ ਐਸਬੈਸਟਸ ਨਾਲ ਨਜਿੱਠਣ ਦਾ ਕੰਮ ਤੁਸੀਂ ਜਿਸ ਤੋਂ ਵੀ ਕਰਵਾਉਂਦੇ ਹੋ, ਉਸ ਦਾ ਬੀ.ਸੀ. ਵਿੱਚ ਕੰਮ ਕਰਨ ਲਈ ਲਾਇਸੰਸ-ਸ਼ੁਦਾ ਹੋਣਾ ਲਾਜ਼ਮੀ ਹੈ। ਜੇ ਤੁਸੀਂ ਅਜਿਹੇ ਕੌਨਟ੍ਰੈਕਟਰਾਂ ਨੂੰ ਕੰਮ ’ਤੇ ਰੱਖਦੇ ਹੋ ਜਿਨ੍ਹਾਂ ਕੋਲ ਲਾਇਸੰਸ ਨਹੀਂ ਹੈ ਤਾਂ ਤੁਸੀਂ ਆਪਣੇ ਕਾਮਿਆਂ, ਅਤੇ ਨਾਲ ਹੀ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਜੋਖਮ ਵਿੱਚ ਪਾਉਂਦੇ ਹੋ। ਤੁਹਾਨੂੰ WorkSafeBC ਤੋਂ ਕੰਮ ਰੋਕਣ ਦੇ ਆਦੇਸ਼ (ਸਟੌਪ ਵਰਕ ਆਰਡਰ) ਜਿਹੇ ਸਿੱਟਿਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਤੁਹਾਨੂੰ ਸਹੀ ਢੰਗ ਨਾਲ ਸਫਾਈ ਕਰਵਾਉਣ ਅਤੇ ਐਸਬੈਸਟਸ ਘਟਾਉਣ (ਅਬੇਟਮੈਂਟ) ਦੇ ਕੰਮ ਲਈ ਵਾਧੂ ਖ਼ਰਚਿਆਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਲਾਇਸੰਸ-ਸ਼ੁਦਾ ਸਰਵੇਅਰਾਂ ਅਤੇ ਅਬੇਟਮੈਂਟ ਕੌਨਟ੍ਰੈਕਟਰਾਂ ਦੀ ਸੂਚੀ ਲਈ ਸਾਡੀ ਵੈੱਬਸਾਈਟ ’ਤੇ ਜਾਓ: ਲਾਇਸੰਸ-ਸ਼ੁਦਾ ਕੌਨਟ੍ਰੈਕਟਰ ਲੱਭੋ।

ਵਧੇਰੇ ਜਾਣਕਾਰੀ ਲਈ

ਤੁਸੀਂ ਸਾਡੇ ਵੈੱਬਪੇਜਾਂ ’ਤੇ ਜਾ ਕੇ ਐਸਬੈਸਟਸ ਦੇ ਖ਼ਤਰਿਆਂ ਅਤੇ ਕੰਮ ਸੰਬੰਧੀ ਸੁਰੱਖਿਅਤ ਆਦਤਾਂ ਅਤੇ ਕਾਮਿਆਂ ਲਈ: ਐਸਬੈਸਟਾਸ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਬਾਰੇ ਵਧੇਰੇ ਜਾਣ ਸਕਦੇ ਹੋ।